ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦੇ ਨਾਇਕਾ ਸੰਬੰਧੀ ਜੋ ਵੀ ਅਪਮਾਨਜ਼ਨਕ ਸ਼ਬਦ ਬੋਲੇਗਾ, ਬਾਹਰਲੇ ਮੁਲਕਾਂ ਵਿਚ ਕੁਮਾਰ ਵਿਸ਼ਵਾਸ ਵਰਗਾ ਹਸ਼ਰ ਹੋਵੇਗਾ : ਟਿਵਾਣਾ

ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦੇ ਨਾਇਕਾ ਸੰਬੰਧੀ ਜੋ ਵੀ ਅਪਮਾਨਜ਼ਨਕ ਸ਼ਬਦ ਬੋਲੇਗਾ, ਬਾਹਰਲੇ ਮੁਲਕਾਂ ਵਿਚ ਕੁਮਾਰ ਵਿਸ਼ਵਾਸ ਵਰਗਾ ਹਸ਼ਰ ਹੋਵੇਗਾ : ਟਿਵਾਣਾ

ਚੰਡੀਗੜ੍ਹ, 19 ਜੁਲਾਈ (ਪੀ ਡੀ ਬਿਊਰੋ) “ਸਿੱਖ ਕੌਮ ਦਾ ਕਿਸੇ ਵੀ ਫਿਰਕੇ, ਵਰਗ, ਜਾਤ, ਮੁਲਕ ਆਦਿ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਜਾਂ ਨਫ਼ਰਤ ਨਹੀਂ ਹੈ । ਅਸੀਂ ‘ਮਾਨਸ ਕੀ ਜਾਤਿ, ਸਭੈ ਏਕੋ ਪਹਿਚਾਨਬੋ’ ਦੀ ਮਨੁੱਖਤਾ ਪੱਖੀ ਸੋਚ ਦੇ ਕਾਇਲ ਹਾਂ । ਉਸ ਅਕਾਲ ਪੁਰਖ ਦੀ ਸਭਨਾਂ ਦੀ ਪਦਾਇਸ ਪ੍ਰਵਾਨ ਕਰਦੇ ਹੋਏ ਬਰਾਬਰਤਾ ਦੀ ਸੋਚ ਦੇ ਪੈਰੋਕਾਰ ਹਾਂ । ਸਾਡੀ ਸਿੱਖ ਕੌਮ ਦੇ ਹੀਰੋ, ਨਾਈਕ ਕੌਣ ਹਨ, ਬੀਤੇ ਸਮੇਂ ਵਿਚ ਵੀ ਇਸਦਾ ਫੈਸਲਾ ਸਿੱਖ ਕੌਮ ਹੀ ਕਰਦੀ ਆਈ ਹੈ । ਅਜੋਕੇ ਸਮੇਂ ਵਿਚ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੀਰੋ ਕੌਣ ਹੋਣਗੇ, ਇਸਦਾ ਫੈਸਲਾ ਵੀ ਸਿੱਖ ਕੌਮ ਕੋਲ ਹੈ । ਜੇਕਰ ਕੋਈ ਹਿੰਦੂ ਆਗੂ ਮੁਤੱਸਵੀ ਨਫ਼ਰਤ ਭਰੀ ਸੋਚ ਅਧੀਨ ਸਾਡੇ ਕੌਮੀ ਨਾਇਕਾਂ ਲਈ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਕਰਕੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਦਾ ਹੈ, ਇਸ ਲਈ ਨਾ ਤਾਂ ਸਿੱਖ ਕੌਮ ਨੇ ਬੀਤੇ ਸਮੇਂ ਵਿਚ ਬਰਦਾਸਤ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹੀ ਕਿਸੇ ਗੱਲ ਨੂੰ ਸਿੱਖ ਕੌਮ ਬਰਦਾਸਤ ਕਰੇਗੀ । ਜੋ ਵੀ ਮੁਤੱਸਵੀ ਸੋਚ ਵਾਲਾ ਕੋਈ ਆਗੂ ਸਿੱਖ ਕੌਮ ਦੇ ਮਨਾਂ ਨੂੰ ਅਜਿਹੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰੇਗਾ, ਉਸਦਾ ਹਸ਼ਰ ਜਿਵੇ ਅਮਰੀਕਾ ਵਿਚ ਕੁਮਾਰ ਵਿਸ਼ਵਾਸ ਦਾ ਹੋਇਆ ਹੈ, ਉਸੇ ਤਰ੍ਹਾਂ ਉਸਦਾ ਵਿਰੋਧ ਬਾਹਰਲੇ ਮੁਲਕਾਂ ਦੀ ਧਰਤੀ ਵਿਚ ਹੋਵੇਗਾ।”

ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਿਖੇ ਆਪ ਪਾਰਟੀ ਦੇ ਉਸ ਫਿਰਕੂ ਆਗੂ ਸ੍ਰੀ ਕੁਮਾਰ ਵਿਸ਼ਵਾਸ ਜਿਸ ਨੇ ਸਿੱਖ ਕੌਮ ਦੇ ਨਾਈਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਲਈ “ਭਸਮਾਸੁਰ” ਦਾ ਅਪਮਾਨਜ਼ਨਕ ਸ਼ਬਦ ਵਰਤਿਆ ਸੀ, ਅਮਰੀਕਾ ਵਿਖੇ ਉਸਦਾ ਰਮਿੰਦਰਜੀਤ ਸਿੰਘ ਮਿੰਟੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜੋਰਦਾਰ ਵਿਰੋਧ ਦਿਖਾਵਾ ਕਰਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਿੱਖ ਕੌਮ ਦੇ ਨਾਇਕਾਂ ਪ੍ਰਤੀ ਅਜਿਹੀ ਮੰਦਭਾਵਨਾ ਰੱਖਣ ਵਾਲੇ ਆਗੂਆਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਜਨਤਕ ਤੌਰ ਤੇ ਅਜਿਹੀ ਨਫ਼ਰਤਭਰੀ ਸੋਚ ਰੱਖਣ ਵਾਲੇ ਫਿਰਕੂ ਆਗੂਆਂ ਨੂੰ ਸੁਚੇਤ ਤੇ ਖ਼ਬਰਦਾਰ ਕਰਦੇ ਹਾਂ ਕਿ ਉਹ ਸਿੱਖ ਕੌਮ ਦੇ ਨਾਇਕਾਂ ਅਤੇ ਹੋਰ ਉੱਚ ਸਖਸ਼ੀਅਤਾਂ ਸੰਬੰਧੀ ਆਪਣੇ ਮਨਾਂ ਵਿਚੋਂ ਮੰਦਭਾਵਨਾ ਭਰੀ ਸੋਚ ਨੂੰ ਕੱਢਕੇ ਸਹਿਜ਼ ਨਾਲ ਵਿਚਰਨ ਤਾਂ ਬਿਹਤਰ ਹੋਵੇਗਾ, ਵਰਨਾ ਸਿੱਖ ਕੌਮ ਆਪਣੀਆਂ ਮਰਿਯਾਦਾਵਾਂ, ਆਪਣੇ ਅਸੂਲਾਂ ਅਤੇ ਰਹੂ-ਰੀਤੀਆਂ ਅਨੁਸਾਰ ਅਜਿਹੇ ਸਿਰਫਿਰਿਆ ਦਾ ਜਮਹੂਰੀਅਤ ਤਰੀਕੇ ਵਿਰੋਧ ਕਰਨ ਦੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਕਤਈ ਪਿੱਛੇ ਨਹੀਂ ਹਟੇਗੀ । ਅਜਿਹੇ ਮਾਹੌਲ ਦੀ ਬਦੌਲਤ ਜਦੋਂ ਕਿਸੇ ਸਥਾਂਨ ਤੇ ਕੋਈ ਕੁੜੱਤਣ ਪੈਦਾ ਹੁੰਦੀ ਹੈ, ਉਸ ਲਈ ਸਿੱਖ ਕੌਮ ਕਤਈ ਜਿੰਮੇਵਾਰ ਨਹੀਂ ਹੋਵੇਗੀ, ਬਲਕਿ ਅਜਿਹੇ ਮੁਤੱਸਵੀ ਤੇ ਫਿਰਕੂ ਸੋਚ ਰੱਖਣ ਵਾਲੇ ਆਗੂ ਹੀ ਹੋਣਗੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਮਰੀਕਾ ਦੇ ਉਪਰੋਕਤ ਜਿੰਮੇਵਾਰ ਸੱਜਣਾਂ ਵੱਲੋਂ ਨਿਭਾਈ ਗਈ ਇਹ ਕੌਮੀ ਜਿੰਮੇਵਾਰੀ ਇਹ ਵੀ ਪ੍ਰਤੱਖ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆਂ ਜਿੰਮੇਵਾਰੀਆਂ ਅਤੇ ਫਰਜਾਂ ਪ੍ਰਤੀ ਸੁਚੇਤ ਹੈ । ਜਿਸ ਤੋਂ ਦੁਸ਼ਮਣ ਤਾਕਤਾਂ ਨੂੰ ਵੀ ਖ਼ਬਰਦਾਰੀ ਪ੍ਰਾਪਤ ਹੁੰਦੀ ਹੈ ।