ਸੱਤਾ ਪਰਿਵਰਤਨ ਦੀ ਥਾਂ ਵਿਵਸਥਾ ਪਰਿਵਰਤਨ ਜ਼ਿਆਦਾ ਜ਼ਰੂਰੀ ਕਿਉਂ ?

ਸੱਤਾ ਪਰਿਵਰਤਨ ਦੀ ਥਾਂ ਵਿਵਸਥਾ ਪਰਿਵਰਤਨ ਜ਼ਿਆਦਾ ਜ਼ਰੂਰੀ ਕਿਉਂ ?

ਸੱਤਾ ਪਰਿਵਰਤਨ ਅਤੇ ਵਿਵਸਥਾ ਪਰਿਵਰਤਨ ਦੋ ਵੱਖ ਵੱਖ ਪਹਿਲੂ ਹਨ ਅਤੇ ਵਿਵਸਥਾ ਪਰਿਵਰਤਨ ਦੀ ਮਹੱਤਤਾ, ਸੱਤਾ ਪਰਿਵਰਤਨ ਨਾਲੋਂ ਕਿਤੇ ਜ਼ਿਆਦਾ ਹੈ। ਸੱਤਾ ਪਰਿਵਰਤਨ ‘ਪਾਵਰ ਆਫ਼ ਟਰਾਂਸਫ਼ਰ’ ਤੋਂ ਵੱਧ ਕੁੱਝ ਨਹੀਂ ਹੈ, ਜੋ ਦੇਸ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗਾਤਾਰ ਹੁੰਦੀ ਆ ਰਹੀ ਹੈ। ਇਹ ਇੱਕੋ ਹੀ ਭਾਵ ਕਿਰਤ ਅਤੇ ਕਿਰਤੀ ਵਿਰੋਧੀ ਮਾਨਸਿਕਤਾ ਵਾਲੀਆਂ ਸਿਆਸੀ ਧਿਰਾਂ ਕੋਲ  ਖੂਹ ਦੀਆਂ ਟਿੰਡਾਂ ਵਾਂਗ ਮੁੜ ਮੁੜ ਆਉਂਦੀ ਰਹਿੰਦੀ ਹੈ। ਇਹੀ ਕਾਰਣ ਹੈ ਕਿ ਦੇਸ ਦੇ ਆਜ਼ਾਦ ਹੋਣ ਦੇ 69 ਵਰ•ੇ ਬਾਅਦ ਵੀ ਅਮੀਰੀ ਅਤੇ ਗਰੀਬੀ ਦਾ ਸਮਾਜਿਕ ਪਾੜਾ ਘੱਟ ਹੋਣ ਦੀ ਬਜਾਏ ਹੋਰ ਵਧਿਆ ਹੈ। ਜਾਤੀ ਭੇਦਭਾਵ, ਛੂਆਛਾਤ, ਊਚ-ਨੀਚ ਆਦਿ ਸਮਾਜਿਕ ਕੁਰੀਤੀਆਂ ਖ਼ਤਮ ਹੋਣ ਦੀ ਥਾਂ ਇਨ•ਾਂ ਦਾ ਤਰੀਕਾ ਬਦਲ ਗਿਆ ਹੈ ਪਰ ਇਹ ਅੱਗੇ ਤੋਂ ਹੋਰ ਜ਼ਿਆਦਾ ਦੁਖਦਾਇਕ ਅਤੇ ਖ਼ਤਰਨਾਕ ਰੂਪ ਧਾਰਨ ਕਰ ਚੁੱਕੀਆਂ ਹਨ। ਸੱਤਾ ਪਰਿਵਰਤਨ ਦੇ ਨਾਅਰੇ ਨੂੰ ਅਸਲ ਵਿੱਚ ਗਰੀਬੀ, ਬੇਰੁਜ਼ਗਾਰੀ, ਅਨਪੜ•ਤਾ ਅਤੇ ਜਾਤੀ ਪ੍ਰਬੰਧ ਦੇ ਲਿਤਾੜੇ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਝੰਬੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇੱਕ ਕਾਰਗਰ ਹਥਿਆਰ ਕਿਹਾ ਜਾ ਸਕਦਾ ਹੈ। ਕਿਉਂਕਿ ਸੱਤਾ ਪਰਿਵਰਤਨ ਨੂੰ ਜ਼ਿਆਦਾਤਰ ਆਮ ਲੋਕ ਮਾੜੇ ਰਾਜ ਪ੍ਰਬੰਧ ਤੋਂ ਨਿਜਾਤ ਪਾਉਣ ਲਈ ਇੱਕ ਵਿਕਲਪ ਵਜੋਂ ਦੇਖਦੇ ਹਨ ਪਰ ਦਲਿਤ, ਮੁਸਲਿਮ ਅਤੇ ਪਛੜੇ ਵਰਗ ਦੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਲਈ ਸੱਤਾ ਪਰਿਵਰਤਨ ਦੀ ਕੋਈ ਬਹੁਤੀ ਮਹੱਤਤਾ ਨਹੀਂ ਹੈ। ਭਾਰਤੀ ਸਮਾਜ ਦਾ ਪਿਛੋਕੜ ਇਸਦਾ ਪ੍ਰਤੱਖ ਪ੍ਰਮਾਣ ਹੈ। ਅਸਲ ਵਿੱਚ ਸੱਤਾ ਵਿਰੋਧੀ ਭਾਵਨਾ ਨੂੰ ਖੁੰਢਾ ਕਰਨ ਦੇ ਮੰਤਵ ਨਾਲ ਕਿਰਤ ਵਿਰੋਧੀ ਵਿਵਸਥਾ ਨੂੰ ਟਿਕਾਊ ਬਣਾਈ ਰੱਖਣ ਲਈ ਯਤਨਸ਼ੀਲ ਸਿਆਸੀ ਧਿਰਾਂ ਹਮੇਸ਼ਾ ਸੱਤਾ ਪਰਿਵਰਤਨ ਦਾ ਹੋਕਾ ਦਿੰਦੀਆਂ ਹਨ ਅਤੇ ਆਮ ਜਨਤਾ ਉਨ•ਾਂ ਦੀਆਂ ਸਿਆਸੀ ਚਾਲਾਂ ਵਿੱਚ ਸਹਿਜੇ ਹੀ ਆ ਜਾਂਦੀ ਹੈ। ਅਸੀਂ ਪੂੰਜੀਵਾਦ ਅਤੇ ਸਿਆਸੀ ਧਿਰਾਂ ਨੂੰ ਵੱਖੋ ਵੱਖਰੇ ਰੂਪ ਵਿੱਚ ਦੇਖਦੇ ਹਾਂ ਜਦਕਿ ਇਹ ਇਕੋ ਸਿੱਕੇ ਦੇ ਦੋ ਪਹਿਲੂ ਹਨ। ਅਸਲ ਵਿੱਚ ਸੱਤਾ ਪਰਿਵਰਤਨ ਬਹੁਜਨ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਕੋਈ ਠੋਸ ਅਤੇ ਟਿਕਾਊ ਹੱਲ ਨਹੀਂ ਹੈ। ਸੱਚ ਤਾਂ ਇਹ ਹੈ ਕਿ ਦਲਿਤ, ਮੁਸਲਿਮ, ਪਛੜਾ ਵਰਗ ਅਤੇ ਘੱਟ ਗਿਣਤੀਆਂ ਦੇ ਲੋਕਾਂ ਦਾ ਭਲਾ ਸੱਤਾ ਪਰਿਵਰਤਨ ਨਾਲ ਨਹੀਂ ਸਗੋਂ ਵਿਵਸਥਾ ਪਰਿਵਰਤਨ ਨਾਲ ਹੋਵੇਗਾ। ਇਸ ਕਿਰਤ ਵਿਰੋਧੀ ਵਿਵਸਥਾ ਨੂੰ ਜੰਗੀਰੂ ਪ੍ਰਬੰਧ ਦੀਆਂ ਹਾਮੀ, ਸਰਮਾਏਦਾਰ ਪੱਖੀ ਅਤੇ ਵੱਡੇ ਉਦਯੋਗਪਤੀਆਂ ਦੇ ਕਾਲੇ ਧਨ ਦੇ ਬਲ ਨਾਲ ਸਿਆਸਤ ਕਰਨ ਵਾਲੀਆਂ ਧਿਰਾਂ ਹਮੇਸ਼ਾ ਕਾਇਮ ਰੱਖਣ ਲਈ ਹੀਲੇ ਵਸੀਲੇ ਕਰਦੀਆਂ ਹਨ। ਇਸ ਸੰਦਰਭ ਵਿੱਚ ਅਜਿਹੀਆਂ ਸਿਆਸੀ ਧਿਰਾਂ ਤੋਂ ਵਿਵਸਥਾ ਪਰਿਵਰਤਨ ਦੀ ਆਸ ਰੱਖਣਾ ਅਤੇ ਅਜਿਹੀਆਂ ਸਿਆਸੀ ਪਾਰਟੀਆਂ ਨੂੰ ਸੱਤਾਧਾਰੀ ਧਿਰ ਵਿਰੁੱਧ ਸੱਤਾ ਪਰਿਵਰਤਨ ਦੇ ਬਦਲ ਵਜੋਂ ਦੇਖਣਾ, ਆਪਣੇ ਆਪ ਨੂੰ ਧੋਖਾ ਦੇਣ ਦੇ ਸਮਾਨ ਹੈ। ਬਹੁਜਨ ਸਮਾਜ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਮਨੂਵਾਦੀ ਸੋਚ ਦੇ ਧਾਰਨੀ ਸਰਮਾਏਦਾਰ ਅਤੇ ਸਨਅਤੀ ਘਰਾਣਿਆਂ ਦੀ ਵਿੱਤੀ ਮਦਦ ਨਾਲ ਸਿਆਸਤ ਕਰਨ ਵਾਲੀਆਂ ਧਿਰਾਂ ਕਦੇ ਵੀ ਬਹੁਜਨਾਂ ਦੇ ਹਿਤਾਂ ਲਈ ਵਿਵਸਥਾ ਪਰਿਵਰਤਨ ਕਰਨ ਲਈ ਹਰਗਿਜ਼ ਤਿਆਰ ਨਹੀਂ ਹੋਣਗੀਆਂ। ਸਗੋਂ ਉਹ ਤਾਂ ਇਸ ਵਿਵਸਥਾ ਨੂੰ ਟਿਕਾਊ ਬਣਾਉਣ ਦੇ ਮੰਤਵ ਨਾਲ ਬਹੁਜਨ ਸਮਾਜ ਦੇ ਲੋਕਾਂ ਨੂੰ ਉਨ•ਾਂ ਦੇ ਅਸਲ ਹੱਕਾਂ ਦੀ ਥਾਂ ਛੋਟੇ ਛੋਟੇ ਲਾਲਚ ਪ੍ਰਦਾਨ ਕਰਕੇ ਕਿਰਤ ਪੱਖੀ ਹੋਣ ਦਾ ਭਰਮ ਪੈਦਾ ਕਰਦੀਆਂ ਹਨ ਜਦਕਿ ਅਸਲ ਵਿੱਚ ਉਨ•ਾਂ ਦੀ ਮਾਨਸਿਕਤਾ ਕਿਰਤ ਅਤੇ ਕਿਰਤੀ ਦੋਵਾਂ ਦੀ ਲੁੱਟ ਕਰਕੇ ਸਮਾਜਿਕ ਪਾੜੇ ਵਿੱਚ ਹੋਰ ਵਾਧਾ ਕਰਨ ਵਾਲੀ ਹੈ।
ਭਾਰਤ ਅੰਦਰ ਲੋਧੀ ਵੰਸ਼ ਤੋਂ ਲੈ ਕੇ ਮੁਗਲ ਰਾਜ, ਅੰਗਰੇਜ਼ਾਂ ਦਾ ਬਸਤੀਵਾਦ ਰਾਜ ਅਤੇ ਦੇਸ ਦੀ ਆਜ਼ਾਦੀ ਤੋਂ ਕੇਂਦਰ ਵਿੱਚ 70 ਸਾਲਾਂ ਦੌਰਾਨ ਵੱਖ ਵੱਖ ਸਿਆਸੀ ਜਮਾਤਾਂ ਦੀ ਸੱਤਾ ਰਹੀ ਹੈ। ਇਸ ਸਮੇਂ ਦੌਰਾਨ ਕਿਰਤ ਅਤੇ ਕਿਰਤੀ ਲੋਕਾਂ ਦੀ ਲੁੱਟ ਬਾਦਸਤੂਰ ਜਾਰੀ ਰਹੀ। ਹਰ ਪੰਜ ਵਰੇ• ਬਾਅਦ ਸੱਤਾ ਪਰਿਵਰਤਨ ਤੋਂ ਬਾਅਦ ਸਾਡੀਆਂ ਉਮੀਦਾਂ ਕੁੱਝ ਮਹੀਨਿਆਂ ਦੌਰਾਨ ਮੱਧਮ ਅਤੇ ਫਿਰ ਹੌਲੀ ਹੌਲੀ ਝੂਠੀਆਂ ਪੈ ਜਾਂਦੀਆਂ ਹਨ। ਭਾਰਤ ਅੰਦਰ ਸਮਾਜਿਕ ਅਤੇ ਆਰਥਿਕ ਵਿਵਸਥਾ ਕਿਰਤੀ ਲੋਕਾਂ ਦੇ ਪੱਖੀ ਨਹੀਂ ਹੈ ਅਤੇ ਭਾਰਤ ਦੀ ਕਾਰਜਪਾਲਿਕਾ ਵਿੱਚ ਜ਼ਿਆਦਾਤਰ ਕਿਰਤ ਵਿਰੋਧੀ ਮਾਨਸਿਕਤਾ ਵਾਲੇ ਲੋਕ ਹਰ ਸਮੇਂ ਇਸ ਵਿਵਸਥਾ ਨੂੰ ਪੱਕੇ ਤੌਰ ‘ਤੇ ਲਾਗੂ ਕਰਨ ਲਈ ਤਰਲੋਮੱਛੀ ਰਹਿੰਦੇ ਹਨ। ਹੁਣ ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਭਾਰਤ ਅੰਦਰ ਸੈਂਕੜੇ ਸਾਲਾਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਅਨੇਕ ਸੱਤਾ ਪਰਿਵਰਤਨ ਹੋਣ ਦੇ ਬਾਵਜੂਦ ਵੀ ਦਲਿਤਾਂ, ਪਛੜਿਆਂ, ਮੁਸਲਿਮਾਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਉਥਾਨ ਦੀ ਥਾਂ ਨਿਘਾਰ ਵੱਲ ਕਿਉਂ ਜਾ ਰਿਹਾ ਹੈ? ਦੇਸ ਅੰਦਰ ਜਾਤੀ ਪ੍ਰਬੰਧ ਅਤੇ ਕਿਰਤ ਵਿਰੋਧੀ ਵਿਵਸਥਾ ਖ਼ਤਮ ਹੋਣ ਦੀ ਥਾਂ ਦਿਨੋ ਦਿਨ ਹੋਰ ਮਜ਼ਬੂਤ ਹੁੰਦੇ ਗਏ। ਕਿਰਤੀ ਲੋਕਾਂ ਨੂੰ ਵੱਡੀ ਪੱਧਰ ‘ਤੇ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਜੇਕਰ ਸੱਤਾ ਪਰਿਵਰਤਨ ਨਾਲ ਕਿਰਤੀ ਸਮਾਜ ਦਾ ਭਲਾ ਹੋਣਾ ਹੁੰਦਾ ਤਾਂ ਕਦੋਂ ਦਾ ਹੋ ਗਿਆ ਹੁੰਦਾ। ਇਸ ਲਈ ਇਹ ਗੱਲ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਸੱਤਾ ਪਰਿਵਰਤਨ ਵੀ ਕਿਰਤ ਵਿਰੋਧੀ ਵਿਵਸਥਾ ਨੂੰ ਟਿਕਾਊ ਬਣਾਈ ਰੱਖਣ ਲਈ ਇੱਕ ਹਥਿਆਰ ਮਾਤਰ ਹੈ। ਕਿਉਂਕਿ ਸੱਤਾ ਪਰਿਵਰਤਨ ਨਾਲ ਰਾਜ ਭਾਗ ‘ਤੇ ਕਾਬਜ਼ ਧਿਰ ਦਾ ਚਿਹਰਾ ਹੀ ਬਦਲਦਾ ਹੈ ਜਦਕਿ ਕਿਰਤ ਵਿਰੋਧੀ ਨੀਤੀਆਂ ਹੋਰ ਵੀ ਭੈੜੀਆਂ ਅਤੇ ਜ਼ਾਲਮ ਰੂਪ ਧਾਰ ਲੈਂਦੀਆਂ ਹਨ। ਜਿਸਦੇ ਸਿੱਟੇ ਵਜੋਂ ਕਿਰਤੀਆਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਬਦਤਰ ਹੁੰਦੀ ਜਾਂਦੀ ਹੈ ਅਤੇ ਦਲਿਤਾਂ, ਪਛੜਿਆਂ ਅਤੇ ਮੁਸਲਿਮਾਂ ਨੂੰ ਭਾਰਤੀ ਸਮਾਜ ਵਿੱਚ ਹਾਸ਼ੀਏ ‘ਤੇ ਧੱਕ ਦਿੱਤਾ ਜਾਂਦਾ ਹੈ। ਇਸ ਮਾਨਵ ਵਿਰੋਧੀ, ਕਿਰਤ ਵਿਰੋਧੀ ਅਤੇ ਦਲਿਤ ਵਿਰੋਧੀ ਵਿਵਸਥਾ ਨੂੰ ਬਣਾਈ ਰੱਖਣ ਲਈ ਕਈ ਪੱਖ ਜ਼ਿੰਮੇਵਾਰ ਹਨ, ਜਿੰਨ•ਾਂ ਵਿੱਚ ਪ੍ਰਚਾਰ ਤੰਤਰ ਦੇ ਰੂਪ ਵਿੱਚ ਮੀਡੀਆ, ਪੂੰਜੀਵਾਦ, ਨਸਾ, ਗੁੰਡਾਗਰਦੀ ਆਦਿ ਪ੍ਰਮੁੱਖ ਹਨ। ਸੱਚ ਤਾਂ ਇਹ ਹੈ ਕਿ ਦੇਸ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਕਿਰਤ ਵਿਰੋਧੀ ਮਾਨਸਿਕਤਾ ਖ਼ਤਮ ਹੋਣ ਦੀ ਥਾਂ ਹੋਰ ਵੀ ਪਰਪੱਕ ਹੋ ਕੇ ਉੱਭਰੀ ਅਤੇ ਸਰਕਾਰਾਂ ਸਰਮਾਏਦਾਰੀ ਅਤੇ ਜਗੀਰਦਾਰੀ ਪ੍ਰਬੰਧ ਨਾਲ ਬੱਝੀਆਂ ਕਿਰਤੀਆਂ ਦੇ ਹੱਕਾਂ ਨੂੰ ਲੁੱਟਣ ਵਾਲੇ ਸਿਸਟਮ ਨੂੰ ਮਜ਼ਬੂਤ ਕਰਨ ਦਾ ਇੱਕ ਨੁਕਾਤੀ ਪ੍ਰੋਗਰਾਮ ਲਾਗੂ ਕਰਨ ਵਿੱਚ ਲੱਗੀਆਂ ਰਹੀਆਂ। ਜਿਸ ਕਰਕੇ ਕਿਰਤੀ ਵਰਗ ਵਿਰੁੱਧ ਹਮਲੇ ਤੇਜ ਹੁੰਦੇ ਗਏ, ਦਮਨਕਾਰੀ ਨੀਤੀਆਂ ਸਦਕਾ ਲੁੱਟਣ ਅਤੇ ਕੁੱਟਣ ਦੇ ਨਾਲ ਨਾਲ ਸਮਾਜਿਕ ਤੌਰ ‘ਤੇ ਜ਼ਲੀਲ ਕਰਨ ਦੀਆਂ ਕਾਰਵਾਈਆਂ ਹੱਦਾਂ ਬੰਨੇ ਟੱਪ ਗਈਆਂ। ਇਸ ਸਮੁੱਚੇ ਵਰਤਾਰੇ ਦਾ ਨਤੀਜਾ ਇਹ ਨਿਕਲਿਆ ਕਿ ਦੇਸ ਅੰਦਰ ਫ਼ਿਰਕਾਪ੍ਰਸਤੀ ਪੈਦਾ ਹੋਣ ਤੋਂ ਇਲਾਵਾ ਦਲਿਤਾਂ, ਪਛੜਿਆਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਪ੍ਰਤੀ ਨਫ਼ਰਤ ਅਤੇ ਘ੍ਰਿਣਾ ਪੈਦਾ ਹੋ ਗਈ। ਕੀ ਅਸੀਂ
ਸਦੀਆਂ ਤੋਂ ਮੰਨੂਵਾਦੀ ਵਿਵਸਥਾ ਰਾਹੀਂ ਭਾਰਤੀ ਸਮਾਜ ਨੂੰ ਹਜ਼ਾਰਾਂ ਹੀ ਜਾਤਾਂ ਵਿੱਚ ਵੰਡ ਕੇ ਰਾਜ ਸੱਤਾ ਦਾ ਸੁੱਖ ਭੋਗਦਾ ਆ ਰਹੇ ਤਬਕੇ ਦੇ ਸਮੁੱਚੇ ਪ੍ਰਬੰਧ ਨੂੰ ਸੱਤਾ ਪਰਿਵਰਤਨ ਨਾਲ ਬਦਲ ਸਕਦੇ ਹਾਂ? ਬਿਲਕੁਲ ਨਹੀਂ ਕਿਉਂਕਿ ਕਿਰਤ ਵਿਰੋਧੀ ਵਿਵਸਥਾ ਦੀਆਂ ਜੜਾਂ ਸਾਡੇ ਸਮਾਜ ਦੇ ਅੰਦਰ ਤੱਕ ਫੈਲ ਚੁੱਕੀਆਂ ਹਨ, ਸਾਡੇ ਭਾਈਚਾਰੇ ਦੇ ਲੋਕ ਇਸ ਵਿਵਸਥਾ ਦਾ ਹਿੱਸਾ ਬਣ ਚੁੱਕੇ ਹਨ, ਉਹ ਆਪਣੇ ਭੈਣ ਭਰਾਵਾਂ ਦੀਆਂ ਦੁੱਖਾਂ ਤਕਲੀਫ਼ਾਂ ਦੀ ਪ੍ਰਵਾਹ ਕੀਤੇ ਬਿਨਾਂ  ਨਿੱਜੀ ਸਵਾਰਥਾਂ ਹਿਤ ਆਪਣੇ ਹੀ ਸਮਾਜ ਨੂੰ ਧੋਖਾ ਦਿੰਦੇ ਹਨ ਅਤੇ ਕਿਰਤੀ ਸਮਾਜ ਵਿੱਚ ਪੈਦਾ ਹੋ ਕੇ ਲੋਟੂ ਅਤੇ ਜਗੀਰਵਾਦੀ ਸਿਸਟਮ ਨਾਲ ਖੜ•ਨ ਵਿੱਚ ਆਪਣਾ ਮਾਣ ਸਮਝਦੇ ਹਨ। ਆਪਣੇ ਇਸ ਕਾਰਜ ਨੂੰ ਉਹ ਤਰੱਕੀ ਸਮਝਣ ਦੀ ਭੁੱਲ ਕਰ ਰਹੇ ਹਨ।
ਭਾਰਤੀ ਸੰਵਿਧਾਨ ਦੇ ਲਾਗੂ ਹੋਣ ਸਮੇਂ 26 ਜਨਵਰੀ 1950 ਨੂੰ ਬੋਲਦਿਆਂ ਬਾਬਾ ਸਾਹਿਬ ਡਾ: ਅੰਬੇਡਕਰ ਨੇ ਕਿਹਾ ਸੀ ਕਿ ”ਅੱਜ ਤੋਂ ਭਾਰਤ ਵਿੱਚ ਰਾਜਨੀਤਕ ਸਮਾਨਤਾ ਹੋ ਗਈ ਹੈ, ਪਰੰਤੂ ਅਜੇ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਅਸਮਾਨਤਾ ਹੈ। ਇਸ ਬੁਰਾਈ ਨੂੰ ਜਲਦੀ ਖ਼ਤਮ ਨਾ ਕੀਤਾ ਗਿਆ ਤਾਂ ਉਹ ਲੋਕ ਜਿਹੜੇ ਇਸ ਸਮਾਜਿਕ ਅਤੇ ਆਰਥਿਕ ਵਿਵਸਥਾ ਦੇ ਸਤਾਏ ਹੋਏ ਹਨ,ਇਸ ਰਾਜਨੀਤਕ ਲੋਕਤੰਤਰ ਦੀਆਂ ਧੱਜੀਆਂ ਉਡਾ ਦੇਣਗੇ।” ਇਹ ਪਾੜਾ ਅੱਜ ਵੀ ਖ਼ਤਮ ਨਹੀਂ ਹੋਇਆ। ਇਸ ਲਈ ਦੇਸ ਦੀ ਆਜ਼ਾਦੀ ਦੇ 70 ਵਰੇ• ਬਾਅਦ ਵੀ ਆਮ ਲੋਕ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਰਮਾਏਦਾਰੀ ਦੇ ਗ਼ੁਲਾਮ ਹਨ। ਅਜੇ ਤੱਕ ਸਾਡੇ ਹੁਕਮਰਾਨ ਭਾਰਤ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਗਰੀਬੀ,ਅਨਪੜ•ਤਾ,ਬੇਰੁਜ਼ਗਾਰੀ,ਜਾਤਪਾਤ,ਛੂਆਛਾਤ ਅਤੇ ਊਚ-ਨੀਚ ਆਦਿ ਦਾ ਕੋਈ ਠੋਸ ਹੱਲ ਨਹੀਂ ਕਰ ਸਕੇ। ਕਿਉਂਕਿ ਸਿਆਸੀ ਧਿਰਾਂ ਦੇਸ ਦੇ ਕਿਰਤੀ,ਗਰੀਬ ਅਤੇ ਲਿਤਾੜੇ ਲੋਕਾਂ ਦੇ ਹਿਤਾਂ ਦੀ ਥਾਂ ਸਰਮਾਏਦਾਰਾਂ ਦਾ ਹੱਥ-ਠੋਕਾ ਬਣ ਜਾਂਦੀਆਂ ਹਨ। ਇਸ ਲਈ ਦੇਸ ਦੇ ਹਾਕਮ ਜਿਨ•ਾਂ ਸਮੱਸਿਆਵਾਂ ਦੇ ਸਿਰ ‘ਤੇ ਹਰ ਪੰਜ ਵਰਿ•ਆਂ ਬਾਅਦ ਸਾਨੂੰ ਗੁੰਮਰਾਹ ਕਰਦੇ ਹਨ। ਦਲਿਤਾਂ,ਪਛੜਿਆਂ ਅਤੇ ਮੁਸਲਿਮਾਂ ਸਮੇਤ ਘੱਟ ਗਿਣਤੀਆਂ ਨੂੰ ਸਦੀਵੀ ਗ਼ੁਲਾਮ ਬਣਾਈ ਰੱਖਣ ਦੇ ਮੂਲ ਮੰਤਰ ਵਜੋਂ ਕੰਮ ਰਹੀ ਵਿਵਸਥਾ ਨੂੰ ਕੋਈ ਸਰਮਾਏਦਾਰ ਪੱਖੀ ਸਿਆਸੀ ਧਿਰ ਕਿਉਂ ਖ਼ਤਮ ਕਰੇਗੀ? ਜਦਕਿ ਇਸ ਦੇ ਉਲਟ ਜਿੰਨ•ਾਂ ਸਰਕਾਰਾਂ ਨੇ ਕਿਰਤ ਵਿਰੋਧੀ ਦਮਨਕਾਰੀ ਨੀਤੀਆਂ ‘ਤੇ ਪਹਿਰਾ ਦਿੰਦਿਆਂ ਦਲਿਤਾਂ ਅਤੇ ਪਛੜਿਆਂ ਦਾ ਸਮਾਜਿਕ,ਆਰਥਿਕ,ਸੱਭਿਆਚਾਰਕ ਅਤੇ ਰਾਜਨੀਤਿਕ ਤੌਰ ‘ਤੇ ਰੱਜਵਾਂ ਸ਼ੋਸ਼ਣ ਕੀਤਾ,ਜ਼ਲੀਲ ਕੀਤਾ। ਜਿਸ ਦੇ ਸਿੱਟੇ ਵਜੋਂ ਅਜਿਹੀਆਂ ਸਰਕਾਰਾਂ ਦਾ ਕਾਰਜਕਾਲ ਲੰਮਾ ਸਮਾਂ ਰਿਹਾ ਹੈ ਅਤੇ ਉਸਦਾ ਮਨੂਵਾਦੀ ਸਰਮਾਏਦਾਰੀ ਵਿਵਸਥਾ ਨੇ ਇੱਕ ਅਤਿ ਦਰਜੇ ਦੀ ਉੱਤਮ ਸਰਕਾਰ ਵਜੋਂ ਪ੍ਰਚਾਰ ਕੀਤਾ।
ਸੱਤਾ ਪਰਿਵਰਤਨ ਦੀ ਥਾਂ ਸਾਨੂੰ ਵਿਵਸਥਾ ਪਰਿਵਰਤਨ ਦੇ ਮਹੱਤਵ ਨੂੰ ਸਮਝਣ ਦੀ ਵਧੇਰੇ ਲੋੜ ਹੈ। ਵਿਵਸਥਾ ਪਰਿਵਰਤਨ ਦੀ ਸ਼ੁਰੂਆਤ ਪਹਿਲਾਂ ਸਾਨੂੰ ਆਪਣੇ ਘਰ ਅਤੇ ਆਪਣੇ ਆਪ ਤੋਂ ਕਰਨੀ ਪਵੇਗੀ। ਕਿਉਂਕਿ ਵਿਵਸਥਾ ਪਰਿਵਰਤਨ ਅਸਲ ਵਿੱਚ ਸਮਾਜਿਕ ਪਰਿਵਰਤਨ ਦਾ ਦੂਜਾ ਨਾਂ ਹੈ। ਬਾਬਾ ਸਾਹਿਬ ਡਾ: ਅੰਬੇਡਕਰ ਨੇ 16 ਜਨਵਰੀ 1949 ਨੂੰ ਮਨਮਾੜ ਵਿਖੇ ਵਰਣ ਵਿਵਸਥਾ ਦੇ ਸਤਾਏ ਲੋਕਾਂ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ”ਤੁਸੀਂ ਆਪਣਾ ਸੰਗਠਨ ਮਜ਼ਬੂਤ ਕਰੋ ਅਤੇ ਆਪਣੇ ਸੰਗਠਨ ਨੂੰ ਤੋੜ ਕੇ ਦੋ-ਚਾਰ ਲੋਕਾਂ ਨਾਲ਼ ਮਿਲ ਕੇ ਨਵਾਂ ਸੰਗਠਨ ਨਾ ਬਣਾਉ। ਅਜਿਹਾ ਕਰਕੇ ਤੁਸੀਂ ਆਪਣਾ ਹੀ ਨਾਸ਼ ਕਰੋਗੇ। ਤੁਹਾਨੂੰ ਸਾਰਿਆਂ ਨੂੰ ਚੰਗੀ ਤਰ•ਾਂ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਸਮਾਜ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਆਪਣਾ ਘਰ ਉਜਾੜ ਕੇ ਦੂਜਿਆਂ ਦੇ ਮੁਹੱਲੇ ਵਿੱਚ ਜਾਣਾ ਨਿਰੀ ਮੂਰਖਤਾ ਹੈ। ਆਪਣੀ ਝੁੱਗੀ ਹੀ ਸਾਫ਼ ਰੱਖੋ।”
ਖ਼ੁਦ ਦੀ ਤਾਕਤ ‘ਤੇ ਭਰੋਸਾ ਨਾ ਕਰਦਿਆਂ ਦੂਸਰਿਆਂ ਦੇ ਸਹਾਰੇ ਚੱਲਣ ਵਾਲ਼ੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਬਾ ਸਾਹਿਬ ਡਾ: ਅੰਬੇਡਕਰ ਨੇ ਕਿਹਾ ਸੀ ਕਿ ”ਆਪਣੇ ਵਰਗ ਤੋਂ ਇਲਾਵਾ ਕਿਰਾਏ (ਦੂਸਰੇ ਵਰਗ) ਦਾ ਕੋਈ ਵੀ ਆਦਮੀ ਸਾਡਾ ਕਲਿਆਣ ਨਹੀਂ ਕਰੇਗਾ। ਇਹ ਗੱਲ ਸਾਨੂੰ ਹਮੇਸ਼ਾਂ ਹੀ ਯਾਦ ਰੱਖਣੀ ਚਾਹੀਦੀ ਹੈ। ਆਪਸੀ ਮਤਭੇਦ ਭੁੱਲ ਕੇ ਤੁਹਾਨੂੰ ਆਪਣੇ ਸੰਗਠਨ ਦਾ ਵਿਸਥਾਰ ਕਰਨਾ ਚਾਹੀਦਾ ਹੈ ਅਤੇ ਪ੍ਰਸਥਿਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ।” ਸਾਨੂੰ ਆਪਣੀ ਬੁੱਧੀ ਨੂੰ ਤੀਖਣ ਅਤੇ ਸਮਰੱਥ ਬਣਾਉਣਾ ਪਵੇਗਾ ਤਾਂ ਕਿ ਅਸੀਂ ਰਾਜਨੀਤਿਕ ਤੌਰ ‘ਤੇ ਆਪਣਾ ਚੰਗਾ ਮਾੜਾ ਖ਼ੁਦ ਵਿਚਾਰ ਸਕੀਏ। ਸਾਨੂੰ ਆਪਣੇ ਬੱਚਿਆਂ ਨੂੰ ਪੜ•ਾਈ ਕਰਾਉਣ ਤੋਂ ਇਲਾਵਾ ਉਨ•ਾਂ ਨੂੰ ਸਾਡੇ ਮਹਾਨ ਰਹਿਬਰ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਸਤਿਗੁਰੂ ਰਵਿਦਾਸ ਜੀ,ਸਤਿਗੁਰੂ ਕਬੀਰ ਜੀ ਮਹਾਰਾਜ,ਮਹਾਤਮਾ ਜੋਤੀਬਾ ਰਾਉ ਫੂਲੇ,ਨਰਾਇਣਾ ਗੁਰੂ,ਸਵਾਮੀ ਅਛੂਤਾ ਨੰਦ,ਪੈਰੀਅਰ ਈ.ਵੀ.ਰਾਮਾਸੁਆਮੀ ਨਾਈਕਰ, ਬਿਰਸਾ ਮੁੰਡਾ,ਬਾਬੂ ਮੰਗੂ ਰਾਮ ਮੁੱਗੋਵਾਲੀਆ,ਡਾ. ਬੀ.ਆਰ.ਅੰਬੇਡਕਰ ਜੀ,ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਜੀਵਨ ਅਤੇ ਦਲਿਤ ਸਮਾਜ ਦੀ ਉੱਨਤੀ ਅਤੇ ਮਾਣ ਸਨਮਾਨ ਬਹਾਲ ਕਰਾਉਣ ਲਈ ਕੀਤੇ ਸੰਘਰਸ਼ ਬਾਰੇ ਦੱਸਣਾ ਪਵੇਗਾ। ਸਾਨੂੰ ਜਾਤੀ ਯੁੱਧ ਛੱਡ ਕੇ ਇੱਕ ਜਮਾਤ ਦੇ ਰੂਪ ਵਿੱਚ ਇਕੱਠਾ ਹੋਣਾ ਪਵੇਗਾ,ਕਿਰਤੀ ਲੋਕਾਂ ਦੀ ਇੱਕ ਜਮਾਤ ਜਿੰਨ•ਾਂ ਵਿੱਚ ਊਚ-ਨੀਚ,ਛੂਆ-ਛਾਤ ਅਤੇ ਘ੍ਰਿਣਾ ਦੀ ਥਾਂ ਆਪਣੇ ਸਾਂਝੇ ਨਿਸ਼ਾਨੇ ਦੀ ਪ੍ਰਾਪਤੀ ਲਈ ਬਚਨਵੱਧਤਾ ਅਤੇ ਦ੍ਰਿੜ•ਤਾ ਹੋਣੀ ਚਾਹੀਦੀ ਹੈ। ਘੱਟੋ ਘੱਟ ਸਾਨੂੰ ਬਹੁਜਨ ਸਮਾਜ ਦੇ ਹਿਤਾਂ ਦੀ ਪ੍ਰਵਾਹ ਕਰਨੀ ਪਵੇਗੀ ਅਤੇ ਆਪਣੇ ਆਪ ਨੂੰ ਇੰਨਾ ਕਾਬਲ ਬਣਾਉਣਾ ਪਏਗਾ ਕਿ ਅਸੀਂ ਸਹਿਜੇ ਹੀ ਸਮਝ ਸਕੀਏ ਕਿ ਸਾਡੀ ਵੋਟ ਦਾ ਅਸਲ ਹੱਕਦਾਰ ਕੌਣ ਹੈ ਅਤੇ ਕਿਉਂ ਹੈ ? ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ”ਜੇਕਰ ਅਸੀਂ ਖ਼ੁਦ ਬੰਦੇ ਬਣ ਜਾਈਏ ਤਾਂ ਆਪਣੇ ਦੁਸ਼ਮਣ ਨੂੰ ਤਾਂ ਪੰਜ ਮਿੰਟਾਂ ਵਿੱਚ ਹੀ ਬੰਦੇ ਦਾ ਪੁੱਤ ਬਣਾ ਦਿਆਂਗੇ।” ਉਹਨਾਂ ਦੀ ਅੰਤਰ ਭਾਵਨਾ ਨੂੰ ਸਮਝਕੇ ਸਾਨੂੰ ਆਪਣੇ ਆਪ ‘ਤੇ ਲਾਗੂ ਕਰਨ ਦੀ ਲੋੜ ਹੈ। ਭਾਵੇਂ ਭਾਰਤੀ ਸਮਾਜ ਵਿੱਚ ਮਨੂਵਾਦੀ ਵਿਵਸਥਾ ਦੀਆਂ ਜੜ•ਾਂ ਬੇਹੱਦ ਡੂੰਘੀਆਂ ਹਨ, ਪਰ ਯਕੀਨਨ ਅਸੀਂ ਇਸ ਵਿਵਸਥਾ ਦਾ ਉੱਤਮ ਬਦਲ ਪੇਸ਼ ਕਰ ਸਕਦੇ ਹਾਂ, ਜੇਕਰ ਦਲਿਤ, ਪਛੜੇ ਅਤੇ ਘੱਟ ਗਿਣਤੀਆਂ ਦੇ ਲੋਕ ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਆਪਸੀ ਸਾਂਝ ਨੂੰ ਪੀਢੀ ਅਤੇ ਗੂੜ•ੀ ਕਰ ਲੈਣ।
– ਕੁਲਵੰਤ ਸਿੰਘ ਟਿੱਬਾ
ਸੰਪਰਕ 91 -92179 -71379