ਵਿਸ਼ਵਾਸ਼ ਤੇ ਚੋਟ – ਨੋਕਵਾਲ ਦੀਆਂ ਅੱਲ-ਵਲੱਲੀਆਂ

ਵਿਸ਼ਵਾਸ਼ ਤੇ ਚੋਟ – ਨੋਕਵਾਲ ਦੀਆਂ ਅੱਲ-ਵਲੱਲੀਆਂ

ਅੰਧ ਵਿਸਵਾਸ ਜੀਵਨ ਦੇ ਰਾਹ ਵਿਚ ਰੋੜਾ ਹੈ।ਇਸਨੇ ਮਨੁੱਖ ਨੂੰ ਸਮੇਂ ਦੀਆਂ ਲੋੜਾਂ ਲਈ ਹਨੇਰੇ ਵਿਚ ਹੀ ਰੱਖਿਆ ਹੈ। ਜਦ ਤੱਕ ਮਨੁੱਖ ਇਸਤੋਂ ਦ੍ਰੂਰ ਨਹੀਂ ਹੋ ਜਾਂਦਾ ਸਮੇਂ ਦਾ ਹਾਣੀ ਨਹੀਂ ਹੋ ਸਕਦਾ। ਗੁਰਤੇਜ ਤੇ ਗੁਰਜੰਟ ਦੋਨੋਂ ਭਰਾ ਭਾਵੇਂ ਪਰਵਾਰਕ ਤੌਰ ਤੇ ਅਲਹਿਦਾ ਜੀਵਨ ਬਤੀਤ ਕਰ ਰਹੇ ਸਨ; ਇਸ ਵਿਚ ਦੋਹਾਂ ਦੀਆਂ ਘਰ ਵਾਲੀਆਂ ਦੀ ਆਪਸ ਵਿਚ ਨਾ ਨਿਭਣ ਵਾਲੀ ਗੱਲ ਸੀ ਪਰ ਦੋਨਾਂ ਭਰਾਵਾਂ ਦਾ ਕਾਰੋਬਾਰ ਇਕੱਠਾ ਸੀ। ਦੋਨੋਂ ਭਰਾ ਇਕ ਦੂਜੇ ਦੇ ਸਾਹੋ ਸਾਹੀਂ ਜੀ ਰਹੇ ਸਨ। ਚੰਡੀਗੜ੍ਹ ਦੀ ਨਵੀਂ ਉਸਾਰੀ ਵਿਚ ਕਾਰੋਬਾਰ ਰਾਹੀਂ ਵਧੀਆ ਪੈਸਾ ਕਮਾ ਰਹੇ ਸਨ। ਇੱਟਾਂ ਦੇ ਭੱਠਿਆਂ ਦਾ ਕਾਰੋਬਾਰ ਪੂਰੇ ਜੋਬਨ ਤੇ ਸੀ। ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਭੱਠਾ. ਲਗਾਤਾਰ ਲਾਈਨ ਲੰਬੀ ਹੁੰਦੀ ਜਾ ਰਹੀ ਸੀ ਲੇਕਿਨ ਜੀਵਨ ਦੀ ਚਾਲ ਉਸ ਸਮੇ ਬਦਲ ਗਈ ਜਦੋਂ ਛੋਟੇ ਭਰਾ ਗੁਰਜੰਟ ਸਿੰਘ ਦੇ ਸਾਲਾਂ ਬੱਧੀ ਉਡੀਕਣ ਤੋਂ ਬਾਅਦ ਕੋਈ ਔਲਾਦ ਨਹੀਂ ਹੋਈ। ਜੀਵਨ ਖਾਲੀਪਣ ਮਹਿਸੂਸ ਕਰ ਰਿਹਾ ਸੀ। ਵੱਡੇ ਭਰਾ ਦੇ ਸੁੱਖ ਨਾਲ ਦੋ ਮੁੰਡੇ ਤੇ ਇੱਕ ਕੁੜੀ ਪਲਾਂਘਾਂ ਭਰਦੇ ਉਪਰ ਨੂੰ ਜਾ ਰਹੇ ਸਨ। ਇਹਨਾਂ ਹੀ ਹਾਲਤਾਂ ਅੰਦਰ ਵੱਡੇ ਭਰਾ ਨੂੰ ਸਰੀਰਕ ਬੀਮਾਰੀ ਮਹਿਸੂਸ ਹੋਣ ਲੱਗ ਪਈ। ਬੀਮਾਰੀ ਵੀ ਕੋਈ ਛੋਟੀ ਨਹੀਂ ਪੀ.ਜੀ.ਆਈ. ਦੇ ਡਾਕਟਰਾਂ ਨੇ ਕੈਂਸਰ ਐਲਾਨ ਕਰ ਦਿੱਤਾ। ਦੋਨਾਂ ਪਰਵਾਰਾਂ ਵਿਚ ਨਿਮੋਝੂਣਤਾ ਸੀ, ਪਰ ਪੈਸੇ ਦੇ ਜੋਰ ਨਾਲ ਬੀਮਾਰੀ ਨਾਲ ਲੜਨ ਦੀ ਹਿੰਮਤ ਦਿਖਾਈ ਗਈ। ਬੀਮਾਰੀ ਨਾਮੁਰਾਦ ਸੀ। ਬੀਮਾਰੀ ਦਾ ਜੋਰ ਦਿਨ ਬ ਦਿਨ ਵਧਦਾ ਗਿਆ।

ਹਾਲਾਤ ਬਹੁਤ ਚਿੰਤਾਜਨਕ ਬਣ ਗਏ। ਦੋਨਾਂ ਭਰਾਵਾਂ ਦਾ ਆਪਸੀ ਪਿਆਰ ਤੇ ਘਰੇਲੂ ਹਾਲਾਤ ਇਕ ਦੂਜੇ ਲਈ ਚਿੰਤਾ ਦਾ ਵਿਸ਼ਾ ਬਣ ਗਏ। ਆਖਰ ਵੱਡੇ ਭਰਾ ਨੇ ਆਪਣਾ ਅੰਤਮ ਫੈਸਲਾ ਸੁਣਾ ਦਿਤਾ ਕਿ ਮੇਰੇ ਕੋਲ ਦੋ ਲੜਕੇ ਤੇ ਇਕ ਲੜਕੀ ਹੈ ਅਤੇ ਛੋਟੇ ਕੋਲ ਕੁਝ ਵੀ ਨਹੀਂ ਹੈ. ਇਸ ਲਈ ਮੈਂ ਆਪਣਾ ਛੋਟਾ ਲੜਕਾ ਛੋਟੇ ਭਰਾ ਨੂੰ ਸੌਂਪ ਰਿਹਾ ਹਾਂ। ਘਰ ਵਾਲੀ ਨੇ ਵੀ ਇਹ ਸੋਚ ਕੇ ਹਾਮੀ ਭਰ ਦਿਤੀ ਕਿ ਜਾਇਦਾਦ ਦਾ ਮਾਮਲਾ ਹੈ. ਕਿਸੇ ਹੋਰ ਪਾਸ ਨਹੀਂ ਜਾਵੇਗੀ। ਘਰ ਦੀ ਘਰ ਵਿਚ ਰਹਿ ਜਾਵੇਗੀ। ਛੋਟਾ ਲੜਕਾ ਆਪਣੇ ਚਾਚੇ ਦੇ ਘਰ ਆ ਗਿਆ। ਪਾਲਣ ਪੋਸਣ ਸਮੇ ਸਾਰੀ ਗੱਲ ਸਮਝਾ ਦਿਤੀ ਗਈ ਕਿ ਅਸੀਂ ਤੇਰੇ ਚਾਚਾ ਚਾਚੀ ਨਹੀਂ, ਤੇਰੇ ਮਾਂ ਬਾਪ ਹਾਂ। ਸਮੇ ਨੇ ਕੋਈ ਦੇਰ ਨਹੀਂ ਲਗਾਈ ਕਿ ਵੱਡੇ ਭਰਾ ਗੁਰਤੇਜ ਸਿੰਘ ਨੂੰ ਮੌਤ ਨੇ ਆਪਣੇ ਮੁੰਹ ਵਿਚ ਸਮੇਟ ਲਿਆ। ਦੋਨਾਂ ਪੀਰਵਾਰਾਂ ਦਾ ਬੋਝ ਛੋਟੇ ਭਰਾ ਗੁਰਜੰਟ ਸਿੰਘ ਤੇ ਆ ਪਿਆ। ਉਸ ਨੇ ਪੂਰੀ ਤਨਦੇਹੀ ਨਾਲ ਦੋਹਾਂ ਪਰਵਾਰਾਂ ਦੀ ਦੇਖ ਭਾਲ ਕੀਤੀ। ਬੱਚੇ ਆਪਣੀ ਜਵਾਨੀ ਦੀਆਂ ਪੌੜੀਆਂ ਚੜ੍ਹਨ ਲੱਗ ਪਏ। ਛੋਟਾ ਮੁੰਡਾ, ਜੋ ਕਿ ਛੋਟੇ ਭਰਾ ਨੇ ਲਿਆ ਹੋਇਆ ਸੀ, ਯੂਨੀਵਰਸਿਟੀ ਪੜ੍ਹਦਾ ਲਿਖਦਾ ਆਪਣੇ ਹਾਣੀਆਂ ਦੀ ਢਾਣੀ ਵਿਚ ਸਿਰ ਕੱਢ ਜਵਾਨ ਸੀ। ਰਾਤ ਦੇ ਦਸ ਵਜੇ ਆਪਣੇ ਕਮਰੇ ਵਿਚ ਟੀ.ਵੀ. ਦੇਖਦੇ ਤੇ ਜੀਵਨ ਦਾ ਰੰਗ ਮਾਣ ਰਹੇ ਨੂੰ ਫੋਨ ਆਇਆ। ਮੁੰਡਾ ਜਲਦੀ ਹੀ ਤਿਆਰ ਹੋ ਕੇ ਆਪਣੀ ਗੱਡੀ ਨੂੰ ਸੈਲਫ ਮਾਰ ਕੇ ਘਰੋਂ ਬਾਹਰ ਚਲਾ ਗਿਆ। ਰਾਤ ਖਾਮੋਸ ਸੀ। ਮਾਂ ਬਾਪ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਭਾਣਾ ਵਰਤਣ ਜਾ ਰਿਹਾ ਹੈ। ਕਿਸੇ ਦੇ ਕੋਈ ਚਿੱਤ ਚੇਤਾ ਵੀ ਨਹੀਂ ਸੀ। ਰਾਤ ਖਤਮ ਹੁੰਦਿਆਂ ਸਾਰ ਹੀ ਸੁਭਾ ਦੇ ਪੰਜ ਵਜੇ ਗੁਰਜੰਟ ਸਿੰਘ ਨੂੰ ਲੜਖੜਾਂਦੇ ਬੋਲਾਂ ਵਿਚ ਫੋਨ ਆਇਆ ਕਿ ਹੈਪੀ ਠੀਕ ਹੈ? ਸੁਭਾਵਕ ਹੀ ਗੁਰਜੰਟ ਸਿੰਘ ਨੇ ਕਿਹਾ ਹਾਂ। ਉਹ ਤਾਂ ਆਪਣੇ ਕਮਰੇ ਵਿਚ ਹੈ। ਦੂਜਾ ਸਵਾਲ ਹੋਇਆ — ਕੀ ਤੁਸੀਂ ਦੇਖਿਆ ਹੈ? ਸਵਾਲ ਬਹੁਤ ਅਚੰਭਾਜਨਕ ਸੀ।

ਗੁਰਜੰਟ ਸਿੰਘ ਨੇ ਜਲਦੀ ਕਮਰੇ ਚ ਜਾਕੇ ਦੇਖਿਆ। ਹੈਪੀ ਓਥੇ ਨਹੀਂ ਸੀ। ਟੈਲੀਫੂਨ ਤੇ ਹੀ ਸਵਾਲ ਜਵਾਬ ਹੋਏ। ਆਖਰ ਹੋਇਆ ਕੀ ਹੈ? ਜਵਾਬ ਵਿਚ ਦੱਸਿਆ ਗਿਆ ਕਿ ਭਾਣਾ ਵਰਤ ਗਿਆ ਹੈ। ਏਧਰੋਂ ਸਾਡਾ ਸੋਨੂ ਵੀ ਉਸ ਨਾਲ ਸੀ। ਰਾਤ ਨੂੰ ਇਹ ਪਤਾ ਨਹੀਂ ਕਿੱਧਰ ਗਏ ਤੇ ਕਿੱਧਰੋਂ ਆ ਰਹੇ ਸਨ ਕਿ ਕਾਰ ਦਾ ਐਕਸੀਡੈਂਟ ਹੋ ਗਿਆ। ਸਾਡਾ ਸੋਨੂ ਤਾਂ ਮੌਕੇ ਤੇ ਹੀ ਖਤਮ ਹੋ ਗਿਆ ਪਰ ਹੈਪੀ ਹਾਲੇ ਸਾਹ ਲੈ ਰਿਹਾ ਹੈ। ਪੀ.ਜੀ.ਆਈ. ਹਸਤਾਲ ਵਿਚ ਹੈ। ਹੱਥਾਂ ਪੈਰਾਂ ਦੀਆਂ ਪੈ ਗਈਆਂ। ਗੁਰਜੰਟ ਸਿੰਘ ਤੇ ਘਰ ਵਾਲੀ ਹਸਪਤਾਲ ਪਹੁੰਚੇ। ਡਾਕਟਰਾਂ ਨੇ ਹੈਪੀ ਨੂੰ ਮਰਿਆ ਐਲਾਨ ਕਰ ਦਿੱਤਾ ਸੀ। ਦੋਨੋਂ ਤਿਨੇ ਪਰਵਾਰਾਂ ਦੇ ਰੋਣ ਦਾ ਕਹਿਰ ਸੁਣਾਈ ਦੇ ਰਿਹਾ ਸੀ। ਵਿਰਲਾਪ ਵਿਚ ਹੀ ਇਹ ਗੱਲਾਂ ਸੁਣਾਈ ਦੇ ਰਹੀਆਂ ਸਨ ਕਿ ਇਹ ਸਾਰੀ ਰਾਤ ਕਿਸੇ ਹੋਟਲ ਵਿਚ ਰਹੇ ਸਨ। ਸ਼ਰਾਬ ਨਾਲ ਰੱਜੇ ਵਾਪਸ ਆ ਰਹੇ ਸਨ। ਵਾਪਸ ਆਉਂਦਿਆਂ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਕਿਸੇ ਦਰੱਖ਼ਤ ਨਾਲ ਜਾ ਟਕਰਾਈ। ਅੱਗੜ ਪਿੱਛੜ ਦੋਨੋਂ ਮੌਤ ਦੇ ਮੂੰਹ ਜਾ ਪਏ। ਪਰਵਾਰਾਂ, ਰਿਸ਼ਤੇਦਾਰਾਂ ਅਤੇ ਮੁਹੱਬਤੀ ਸੱਜਣਾਂ ਅੰਦਰ ਗਮਗੀਨ ਮਾਹੌਲ ਸੀ। ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਕਿਵੇਂ ਰੋਕਿਆ ਜਾਵੇ, ਇਹ ਬਹੁਤ ਵੱਡਾ ਸਵਾਲ ਸੀ। ਦਸਵੇਂ ਦਿਨ ੩੪ ਸੈਕਟਰ ਦੇ ਗੁਰਦੁਆਰੇ ਭੋਗ ਪਾਇਆ ਜਾ ਰਿਹਾ ਸੀ। ਰਾਗੀ ਸਿੰਘ, “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥” ਅਤੇ ਮੌਤ ਨਾਲ ਮਿਲਦੇ ਜੁਲਦੇ ਹੋਰ ਸਬਦਾਂ ਨਾਲ ਕੀਰਤਨ ਕਰ ਰਹੇ ਸਨ। ਆਖਰ ਸਮਾ ਹੋਣ ਤੇ ਅਰਦਾਸ ਕੀਤੀ ਗਈ, ਜਿਸ ਅੰਦਰ ਭਾਈ ਜੀ ਨੇ ਜੋਰ ਦੇ ਕੇ ਕਿਹਾ, “ਹੇ ਸੱਚਿਆ ਪਾਤਸਾਹ, ਤੂੰ ਇਹਨਾਂ ਨੂੰ ਜਿੰਨੇ ਸੁਆਸ ਲਿਖ ਕੇ ਭੇਜੇ ਸਨ ਓਨੇ ਭੋਗ ਕੇ ਤੇਰੇ ਚਰਨਾਂ ਵਿਚ ਆ ਗਏ ਹਨ। ਹੁਣ ਇਹਨਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣਾ। ਅਰਦਾਸ ਸੁਣਦਿਆਂ ਹੀ ਦਲਵੀਰ ਦਾ ਮਨ ਭੜਕ aੱਠਿਆ। ਦਲਵੀਰ ਪੁੱਛਣਾ ਚਾਹੁੰਦਾ ਸੀ ਕਿ ਕੀ ਇਹ ਸੱਚ ਹੈ? ਅਸੀਂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਖੜ੍ਹੇ ਹੋ ਕੇ ਝੂਠ ਨਹੀਂ ਬੋਲ ਰਹੇ? ਮੁੰਡੇ ਰਾਤ ਦੇ ਦਸ ਵਜੇ ਘਰੋਂ ਗਏ ਹਨ। ਹੋਟਲ ਵਿਚ ਸ਼ਰਾਬਾਂ ਪੀਤੀਆਂ ਹਨ ਤੇ ਪਤਾ ਨਹੀਂ ਹੋਰ ਕੀ ਕੀ ਕੁਝ ਕੀਤਾ ਹੈ! ਘਰ ਵਾਪਸ ਆਉਂਦਿਆਂ ਸ਼ਰਾਬ ਦੇ ਨਸ਼ੇ ਵਿਚ ਗੱਡੀ ਦਰੱਖ਼ਤ ਨਾਲ ਜਾ ਟਕਰਾਈ। ਆਪਣੇ ਸਵਾਸ ਆਪ ਖਤਮ ਕੀਤੇ ਹਨ।

ਜੇ ਇਹ ਅਜਿਹਾ ਕੰਮ ਨਾ ਕਰਦੇ ਕੀ ਇਹਨਾਂ ਨੇ ਘਰ ਸੁੱਤਿਆਂ ਹੀ ਮਰ ਜਾਣਾ ਸੀ? ਜਵਾਬ ਬੜਾ ਸਪੱਸ਼ਟ ਸੀ। ਕਿੰਨਾਂ ਅੰਧ ਵਿਸ਼ਵਾਸ਼ ਹੈ? ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਮੌਤ ਟਾਲੀ ਜਾ ਸਕਦੀ ਸੀ। ਦਲਵੀਰ ਨੂੰ ਦਸਵੇਂ ਪਾਤਿਸ਼ਾਹ ਗੁਰੂ ਗੋਵਿੰਦ ਸਿੰਘ ਦੀ ਘਟਨਾ ਮਰੋੜਾ ਦੇਈ ਜਾ ਰਹੀ ਸੀ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਬਰਸਾਤੀ ਤੂਫਾਨ ਨਾਲ ਸਰਸਾ ਦਰਿਆ ਪਾਰ ਕਰਨ ਬਾਅਦ ਜਦੋਂ ਚਮਕੌਰ ਦੀ ਗੜ੍ਹੀ ਵਿਚ ਗਏ। ਸਿਰਫ ਚਾਲ਼ੀ ਸਿੰਘ ਨਾਲ ਸਨ। ਦੂਸਰੀ ਸਵੇਰ ਦੁਸਮਣ ਦੀ ਲੱਖਾਂ ਦੀ ਗਿਣਤੀ ਦੀ ਫੌਜ ਨੇ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਚਲਦੀ ਰਹੀ। ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਲੜਾਈ ਵਿਚ ਸ਼ਹੀਦ ਹੋ ਗਏ। ਸ਼ਾਮ ਨੂੰ ਲੜਾਈ ਬੰਦ ਹੁੰਦਿਆਂ ਗਿਣਤੀ ਦੇ ਸਿੰਘ ਗੁਰੂ ਸਾਹਿਬ ਕੋਲ ਰਹਿ ਗਏ। ਧੰਨ ਸਨ ਉਹ ਸਿੰਘ ਜਿੰਨ੍ਹਾਂ ਨੇ ਅਕਲ ਤੋਂ ਕੰਮ ਲੈਂਦਿਆਂ ਗੁਰੂ ਸਾਹਿਬ ਨੂੰ ਕਿਹਾ, “ਗੁਰੂ ਜੀ, ਏਥੇ ਕੱਲ੍ਹ ਨੂੰ ਜੋ ਕੁਝ ਹੋਣਾ ਹੈ ਸਭ ਦਿਖਾਈ ਦੇ ਰਿਹਾ ਹੈ। ਸਾਡੇ ਨਾਲ ਜੋ ਹੋਵੇਗਾ ਅਸੀਂ ਭੁਗਤ ਲਵਾਂਗੇ ਪਰ ਤੁਹਾਡੇ ਜੀਵਨ ਦੀ ਹਾਲੇ ਲੋੜ ਹੈ। ਤੁਸੀਂ ਏਥੋਂ ਨਿਕਲ਼ੋ।” ਗੁਰੂ ਸਾਹਿਬ ਨੇ ਕਿਹਾ, “ਮੇਰਾ ਏਥੋਂ ਨਿਕਲਣਾ ਇਤਿਹਾਸ ਵਿਚ ਕਾਇਰਤਾ ਲਿਖਿਆ ਜਾਵੇਗਾ।” ਪਰ ਸਿੰਘਾਂ ਨੇ ਕਿਹਾ, “ਤੁਸੀਂ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਕਿ ਮੈਂ ਵੀ ਪੰਜ ਸਿੰਘਾਂ ਦਾ ਕਹਿਣਾ ਮੰਨਾਂਗਾ। ਇਸ ਲਈ ਹੁਣ ਅਸੀਂ ਪੰਜ ਸਿੰਘ ਤੁਹਾਨੂੰ ਇਹ ਫੈਸਲਾ ਕਰ ਕੇ ਦੇ ਰਹੇ ਹਾਂ ਕਿ ਤੁਸੀਂ ਏਥੋਂ ਨਿਕਲੋ; ਸਮੇ ਨੂੰ ਤੁਹਾਡੀ ਲੋੜ ਹੈ। ਗੁਰੂ ਸਾਹਿਬ ਨੇ ਉਹਨਾਂ ਦਾ ਕਹਿਣਾ ਮੰਨਿਆ। ਮਾਛੀਵਾੜੇ ਦੇ ਜੰਗਲਾਂ ਵੱਲ ਆ ਕੇ ਜਾਨ ਬਚਾਈ। ਬਾਅਦ ਵਿਚ ਜਿੰਨਾ ਵੱਡਾ ਇਤਿਹਾਸ ਰਚਿਆ ਉਹ ਦੁਨੀਆਂ ਜਾਣਦੀ ਹੈ। ਦਲਵੀਰ ਇਸ ਘਟਨਾ ਚੱਕਰ ਵਿਚ ਫਸਿਆ ਸੋਚੀ ਜਾ ਰਿਹਾ ਸੀ ਕਿ ਇਹਨਾਂ ਬੱਚਿਆਂ ਨੂੰ ਗਲਤ ਆਦਤਾਂ ਤੋਂ ਰੋਕ ਕੇ ਮੌਤ ਤੋਂ ਬਚਾਇਆ ਨਹੀਂ ਜਾ ਸਕਦਾ ਸੀ?

ਨਿਰਮੋਲ ਸਿੰਘ ਨੋਕਵਾਲ 0469719854