ਮੋਦੀ ਸਰਕਾਰ ਦਾ ਪੰਜਾਬ ਨੂੰ ਇੱਕ ਹੋਰ ਤੋਹਫਾ – ਚੰਡੀਗੜ੍ਹ ‘ਤੇ ਕੇਂਦਰ ਦਾ ਪੱਕਾ ਕਬਜ਼ਾ ਕਰਨ ਦਾ ਐਲਾਨ!

ਮੋਦੀ ਸਰਕਾਰ ਦਾ ਪੰਜਾਬ ਨੂੰ ਇੱਕ ਹੋਰ ਤੋਹਫਾ – ਚੰਡੀਗੜ੍ਹ ‘ਤੇ ਕੇਂਦਰ ਦਾ ਪੱਕਾ ਕਬਜ਼ਾ ਕਰਨ ਦਾ ਐਲਾਨ!

File Photo;

File Photo;

ਕਰਨਾਟਕਾ ਵਿੱਚ ਐਮਨੈਸਟੀ ਇੰਟਰਨੈਸ਼ਨਲ ਤੇ ਕਸ਼ਮੀਰੀ ਵਿਚਾਰ-ਚਰਚਾ ਕਰਵਾਉਣ ਲਈ ਦੇਸ਼-ਧ੍ਰੋਹ ਦਾ ਕੇਸ ਦਰਜ!
‘ਸਾਡੀ ਪੀੜ੍ਹੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੁਣ ਅਗਲੀ ਪੀੜ੍ਹੀ ਇਸ ਨੂੰ ਅੱਗੋਂ ਚਾਰ ਹਿੱਸਿਆਂ ਵਿੱਚ ਵੰਡੇ – ਜਨਰਲ ਬਖਸ਼ੀ’
ਕੀ ਅਖੰਡ ਭਾਰਤ ਦੇ ਅਲੰਬਰਦਾਰ ਸਾਊਥ ਏਸ਼ੀਆ ਨੂੰ ਹੀਰੋਸ਼ੀਮਾ-ਨਾਗਾਸਾਕੀ ਬਣਾਉਣ ‘ਤੇ ਨਹੀਂ ਤੁਲੇ ਹੋਏ?
ਵਾਸ਼ਿੰਗਟਨ (ਡੀ. ਸੀ.) 19 ਅਗਸਤ, 2016 – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੀ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਆਰ. ਐਸ. ਐਸ. ਦੇ ਵਫਾਦਾਰ ਸਿਪਾਹੀ ਦਾ ਰੋਲ ਅਦਾ ਕੀਤਾ ਹੈ। ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬਾਦਲ ਨੇ ਖੇਤਰੀ ਪਾਰਟੀਆਂ ਵਿੱਚ ਜ਼ੋਰਦਾਰ ਲਾਬੀ ਕੀਤੀ। ਲਗਭਗ ਢਾਈ ਸਾਲ ਪਹਿਲਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਬਾਦਲ ਪਿਓ-ਪੁੱਤਰ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਾਰੇ ਦੁੱਖ ਕੱਟੇ ਜਾਣਗੇ। ਸੁਖਬੀਰ ਬਾਦਲ ਤੇ ਮਜੀਠੀਏ ਨੇ ਤਾਂ ‘ਦਿੱਲੀ ਤੋਂ ਨੋਟਾਂ ਦੇ ਭਰੇ ਟਰੱਕ’ ਪੰਜਾਬ ਆਉਣ ਦੀ ਖੁਸ਼ਫਹਿਮੀ ਦਾ ਜਨਤਕ ਇਜ਼ਹਾਰ ਕੀਤਾ। ਮੋਦੀ ਦੇ ਕੱਟੜ ਹਿੰਦੂਤਵੀ ਹੋਣ ਅਤੇ 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਨ ਸਬੰਧੀ ਤੱਥ ਜੱਗ ਜ਼ਾਹਰ ਸਨ। ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ, 50 ਹਜ਼ਾਰ ਤੋਂ ਜ਼ਿਆਦਾ ਸਿੱਖ ਕਿਸਾਨਾਂ ਦੇ ਉਜਾੜੇ ਨੂੰ ਸੱਦਾ ਦਿੱਤਾ। ਗੁਜਰਾਤ ਹਾਈਕੋਰਟ ਦਾ ਫੈਸਲਾ ਸਿੱਖ ਕਿਸਾਨਾਂ ਦੇ ਹੱਕ ਵਿੱਚ ਹੋਣ ‘ਤੇ ਮੋਦੀ ਨੇ ਇਸ ਫੈਸਲੇ ਦੇ ਖਿਲਾਫ ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ। ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਹੜੇ ‘ਤੋਹਫੇ’ ਪੰਜਾਬ ਨੂੰ ਦਿੱਤੇ, ਉਨ੍ਹਾਂ ਵਿੱਚ ਸਤਿਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਸਰਕਾਰ ਦਾ ਸੁਪਰੀਮ ਕੋਰਟ ਵਿੱਚ ਹਰਿਆਣੇ ਦੇ ਹੱਕ ਵਿੱਚ ਸਟੈਂਡ, ਪੰਜਾਬ ਦੇ ਕਿਸਾਨਾਂ ਦੇ ਆਤਮਘਾਤ ਤੇ ਦੁਰਦਸ਼ਾ ਦੇ ਬਾਵਜੂਦ ਕੋਈ ਰਾਹਤ ਨਾ ਦੇਣਾ, ਸਰਹੱਦੀ ਜ਼ਿਲ੍ਹਿਆਂ (ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ) ਨੂੰ ਕੋਈ ਪੈਕੇਜ ਨਹੀਂ, ਬਾਦਲ ਵਲੋਂ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼, ਉਤਰਾਖੰਡ ਦੀ ਤਰਜ਼ ‘ਤੇ ਸਪੈਸ਼ਲ ਪੈਕੇਜ ਦੀ ਮੰਗ ਨੂੰ ਠੁਕਰਾਉਣਾ ਆਦਿ ਸ਼ਾਮਲ ਹਨ। ਹੁਣ ਦੇ ਇੱਕ ਤਾਜ਼ਾ ਤੋਹਫੇ ਵਿੱਚ ਚੰਡੀਗ਼ੜ੍ਹ ਨੂੰ ਪੱਕੇ ਤੌਰ ‘ਤੇ ਪੰਜਾਬ ਕੋਲੋਂ ਖੋਹਣ ਲਈ ਪੇਸ਼ਕਦਮੀ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਵਲੋਂ ਕੁਝ ਪ੍ਰਾਂਤਾਂ ਦੇ ਗਵਰਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪੰਜਾਬ, ਅਸਾਮ, ਮਣੀਪੁਰ, ਅੰਡੇਮਾਨ-ਨਿਕੋਬਾਰ ਆਦਿ ਸ਼ਾਮਲ ਹਨ। ਪੰਜਾਬ ਨੂੰ ਇੱਕ ਜ਼ਬਰਦਸਤ ਝਟਕਾ ਦਿੰਦਿਆਂ ਇਨ੍ਹਾਂ ਨਿਯੁਕਤੀਆਂ ਵਿੱਚ ਚੰਡੀਗੜ੍ਹ ਲਈ ਇੱਕ ‘ਐਡਮਨਿਸਟਰੇਟਰ’ (ਇਸ ਨੂੰ ਲੈਫਟੀਨੈਂਟ ਗਵਰਨਰ ਪਿੜ੍ਹਆ ਜਾਵੇ) ਐਨਫੋਨਜ਼ ਕਨਾਥਾਨਮ ਦੀ ਨਿਯੁਕਤੀ ਦਾ ਐਲਾਨ ਵੀ ਕੀਤਾ ਗਿਆ। ਯਾਦ ਰਹੇ, ਪਿਛਲੇ 32 ਸਾਲਾਂ ਤੋਂ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਐਡਮਨਿਸਟਰੇਟਰ ਵੀ ਹੁੰਦਾ ਹੈ ਪਰ ਇਸ ਰਵਾਇਤ ਨੂੰ ਤੋੜਦਿਆਂ ਮੋਦੀ ਸਰਕਾਰ ਨੇ ਸੁਨੇਹਾ ਦਿੱਤਾ ਕਿ ਹੁਣ ਚੰਡੀਗ਼ੜ੍ਹ ‘ਤੇ ਪੰਜਾਬ ਦਾ ਕੋਈ ਦਾਅਵਾ ਨਹੀਂ ਰਹਿ ਗਿਆ ਅਤੇ ਇਹ ਪੱਕੇ ਤੌਰ ‘ਤੇ ਕੇਂਦਰ ਦੀ ‘ਯੂਨੀਅਨ ਟੈਰੀਟਰੀ’ ਹੈ। ਬਾਦਲ ਨੂੰ ਇਸ ਨਾਲ ਹੱਥਾਂ-ਪੈਰਾਂ ਦੀ ਪੈ ਗਈ। ਮਿੰਨਤ-ਤਰਲਾ ਕਰਕੇ, ਇਸ ਨਿਯੁਕਤੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ‘ਰੋਕ’ ਲਿਆ ਗਿਆ ਹੈ। ਜ਼ਾਹਰ ਹੈ, ਆਨੰਦਪੁਰ ਦੇ ਮਤੇ ਤੋਂ ਭਗੌੜੇ ਅਕਾਲੀਆਂ ਨੇ ਕੁਰਸੀ ਮੋਹ ਵਿੱਚ ਆਪਣਾ ਚੰਡੀਗ਼ੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ‘ਤੇ ਦਾਅਵਾ ਵੀ ਖਤਮ ਕਰਵਾ ਲਿਆ ਹੈ। ਕਿਹੜੇ ਮੂੰਹ ਨਾਲ ਦੇਸ਼-ਵਿਦੇਸ਼ ਦੇ ਅਕਾਲੀ ਦੁਮਛੱਲੇ ਮੋਦੀ ਸਰਕਾਰ ਦਾ ਗੁਣ-ਗਾਇਨ ਕਰਨਗੇ?
ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਤਾਕਤਾਂ ਦਾ ਕਿੰਨਾ ਬੋਲਬਾਲਾ ਹੈ ਅਤੇ ਕਿਵੇਂ ਇਸ ਵਿਚਾਰਧਾਰਾ ਨੂੰ ਕਾਂਗਰਸ ਦੇ ਰਾਜ ਵਾਲੀਆਂ ਸਟੇਟਾਂ ਵਿੱਚ ਵੀ ਹਿੱਕ ਠੋਕ ਕੇ ਲਾਗੂ ਕੀਤਾ ਜਾ ਰਿਹਾ ਹੈ, ਇਸ ਦੀ ਇੱਕ ਸੱਜਰੀ ਉਦਾਹਰਣ ਕਰਨਾਟਕਾ ਤੋਂ ਮਿਲਦੀ ਹੈ, ਜਿੱਥੇ ਕਿ ਕਾਂਗਰਸ ਦੀ ਸਰਕਾਰ ਹੈ। 13 ਅਗਸਤ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਜਥੇਬੰਦੀ ‘ਐਮਨੈਸਟੀ ਇੰਟਰਨੈਸ਼ਨਲ’ ਵਲੋਂ ਕਰਨਾਟਕਾ ਦੇ ਬੈਂਗਲੂਰੂ ਸ਼ਹਿਰ ਦੇ ਯੂਨਾਈਟਿਡ ਥੀਓਲੋਜੀਕਲ ਕਾਲਜ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਸੀ – ‘ਟੁੱਟੇ ਪਰਿਵਾਰ’। ਇਸ ਪ੍ਰੋਗਰਾਮ ਵਿੱਚ ਕਸ਼ਮੀਰ ਵਿੱਚ ‘ਗਾਇਬ’ ਕੀਤੇ ਗਏ ਮੁਸਲਮਾਨ ਨੌਜਵਾਨਾਂ ਅਤੇ ਕਸ਼ਮੀਰੀ ਪੰਡਤਾਂ ਦੇ ਪਰਿਵਾਰਾਂ ਨੂੰ ਪੇਸ਼ਕਾਰੀ ਲਈ ਸੱਦਿਆ ਗਿਆ। ਇਸ ਪੈਨਲ ਦੇ ਜੱਜਾਂ ਵਿੱਚ ਦੋ ਪ੍ਰਸਿੱਧ ਪੱਤਰਕਾਰਾਂ ਸੀਮਾ ਮੁਸਤਫਾ ਤੇ ਆਰ. ਕੇ. ਮੱਟੂ (ਇੱਕ ਮੁਸਲਮਾਨ, ਇੱਕ ਕਸ਼ਮੀਰੀ ਪੰਡਤ) ਨੂੰ ਰੱਖਿਆ ਗਿਆ ਸੀ। ਇਸ ਸਮਾਗਮ ਦੀ ਬਕਾਇਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਪਰ ਸਮਾਗਮ ਵਿੱਚ ਹਿੰਦੂਤਵੀ ਵਿਦਿਆਰਥੀ ਦਲ ‘ਅਖਿਲ ਭਾਰਤੀਯ ਵਿਦਿਆਰਥੀ ਜਥੇਬੰਦੀ’ ਨੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ। ਕਸ਼ਮੀਰੀ ਪਰਿਵਾਰਾਂ ਵਲੋਂ ਜਵਾਬੀ ਨਾਹਰੇਬਾਜ਼ੀ ਕੀਤੀ ਗਈ। ਪੁਲਿਸ ਨੇ ਵਿੱਚ ਆ ਕੇ ਸਮਾਗਮ ਨੂੰ ਬੰਦ ਕਰਵਾ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਬੀਜੇਪੀ ਦੀ ਮੰਗ ‘ਤੇ ਸਮਾਗਮ ਵਿੱਚ ਸ਼ਾਮਲ ਕਸ਼ਮੀਰੀ ਪਰਿਵਾਰਾਂ ਅਤੇ ਐਮਨੈਸਟੀ ਇੰਟਰਨੈਸ਼ਨਲ ਦੇ ਖਿਲਾਫ ‘ਦੇਸ਼ਧ੍ਰੋਹ’ ਦਾ ਕੇਸ (ਭਾਰਤੀ ਸੰਵਿਧਾਨ ਦੀ ਧਾਰਾ 124-ਏ ਦੇ ਤਹਿਤ) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਨਾਟਕਾ ਦੀ ਕਾਂਗਰਸ ਸਰਕਾਰ ਦੀ ਇਸ ਕਾਰਵਾਈ ਦੇ ਮੱਦੇਨਜ਼ਰ ਹੁਣ ਇਹ ਨਾਹਰਾ ਬੁਲੰਦ ਹੋਵੇਗਾ- ‘ਹਿੰਦੂਤਵੀ ਲੋਕਤੰਤਰ ਕੀ ਜੈ।’
ਮੇਜਰ ਜਨਰਲ ਜੀ. ਡੀ. ਬਕਸ਼ੀ ਅੱਜਕੱਲ੍ਹ ਹਿੰਦੂਤਵ ਦਾ ‘ਅੰਬੈਸਡਰ ਬੁਲਾਰਾ’ ਹੈ ਅਤੇ ਅੱਡ-ਅੱਡ ਯੂਨੀਵਰਸਿਟੀਆਂ, ਮੀਡੀਆ ਚੈਨਲਾਂ ਤੇ ਉਸ ਨੂੰ ਅਕਸਰ ਵੇਖਿਆ ਜਾ ਸਕਦਾ ਹੈ। 11 ਅਗਸਤ ਨੂੰ ਬਖਸ਼ੀ ਨੇ ਆਈ. ਆਈ. ਟੀ. ਮਦਰਾਸ ਵਿੱਚ ਇੱਕ ਲੈਕਚਰ ਦਿੱਤਾ। ਉਸ ਦਾ ਇਹ ਲੈਕਚਰ ਮੁਸਲਮਾਨਾਂ, ਪਾਕਿਸਤਾਨ ਤੇ ਘੱਟਗਿਣਤੀਆਂ ਦੇ ਖਿਲਾਫ ਨਫਰਤ ਨਾਲ ਭਰਿਆ ਹੋਇਆ ਸੀ। ਇਸ ਸਬੰਧੀ ਯੂਨੀਵਰਸਿਟੀ ਦੇ ਐਮ. ਟੈੱਕ ਦੇ ਵਿਦਿਆਰਥੀ ਅਭੀਨਵ ਸੂਰੀਆ ਨੇ, ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਰੋਸ-ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਅਭੀਨਵ ਦਾ ਕਹਿਣਾ ਹੈ ਕਿ, ”ਜਨਰਲ ਬਖਸ਼ੀ ਦੇ ਨਫਰਤ ਭਰੇ ਭਾਸ਼ਣ ਨੇ, ਵਿਦਿਆਰਥੀਆਂ ਵਿੱਚ ਹਿੰਸਾ ਵਾਲਾ ਮਾਹੌਲ ਸਿਰਜਿਆ। ਬਖਸ਼ੀ ਨੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਵਿੱਚ ਏਕਤਾ ਸਥਾਪਤ ਕਰਨ ਦਾ ਇੱਕੋ-ਇੱਕ ਤਰੀਕਾ ਹੈ ਕਿ ਪਾਕਿਸਤਾਨ ਨਾਲ ਲੜਿਆ ਜਾਵੇ। ਸਾਡੀ ਪੀੜ੍ਹੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ (ਬੰਗਲਾ ਦੇਸ਼) ਵਿੱਚ ਵੰਡਿਆ ਤੁਹਾਡੀ ਪੀੜ੍ਹੀ ਹੁਣ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡੇ…..! ਜਨਰਲ ਬਖਸ਼ੀ ਨੇ ਪਾਕਿਸਤਾਨ ਦੇ ਖਿਲਾਫ ਨਿਊਕਲੀਅਰ ਹਥਿਆਰ ਵਰਤਣ ਦੀ ਵਕਾਲਤ ਕੀਤੀ। ਕਸ਼ਮੀਰ ਵਿੱਚ ਫੌਜ ਵਲੋਂ ਕਸ਼ਮੀਰੀਆਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਤਾਰੀਫ ਕੀਤੀ। ਜਦੋਂ ਕੁਝ ਵਿਦਿਆਰਥੀਆਂ ਵਲੋਂ ਜਨਰਲ ਬਖਸ਼ੀ ਤੋਂ ਸੁਆਲ ਪੁੱਛੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਵੀ ਹਿੰਸਕ ਤਰੀਕੇ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਨਰਲ ਬਖਸ਼ੀ ਨੇ ‘ਅਹਿੰਸਾ’ ਦਾ ਵੀ ਮਜ਼ਾਕ ਉਡਾਇਆ ਅਤੇ ਹਿੰਸਕ ਤਰੀਕੇ ਨਾਲ ਨਿੱਬੜਨਾ ਹੀ ਮਸਲਿਆਂ ਦਾ ਹੱਲ ਦੱਸਿਆ।” ਇਸ ਵਿਦਿਆਰਥੀ ਦੇ ਰੋਸ-ਪੱਤਰ ਦੇ ਜਵਾਬ ਵਿੱਚ ਆਈ. ਆਈ. ਟੀ. ਮਦਰਾਸ ਦੇ ਡਾਇਰੈਕਟਰ ਭਾਸਕਰ ਵਲੋਂ ਇਸ ਨੂੰ ‘ਆਜ਼ਾਦ ਵਿਚਾਰਾਂ ਦਾ ਪ੍ਰ੍ਰਗਟਾਵਾ’ ਦੱਸਿਆ ਗਿਆ ਹੈ। ਹਿੰਦੂਤਵੀਆਂ ਦੇ ਰਾਜ ਵਿੱਚ ‘ਟੁੱਟੇ ਘਰਾਂ’ ਦੀ ਦਾਸਤਾਨ ਸੁਣਾਉਣ ਲਈ ਕਰਨਾਟਕਾ ਵਿੱਚ ਐਮਨੈਸਟੀ ਇੰਟਰਨੈਸ਼ਨਲ ਵਲੋਂ ਕੀਤਾ ਗਿਆ ਇਕੱਠ ‘ਦੇਸ਼ਧ੍ਰੋਹ’ ਹੈ ਪਰ ਮਦਰਾਸ ਵਿੱਚ ਨਫਰਤ ਦੇ ਵਣਜਾਰੇ ਜਨਰਲ ਬਖਸ਼ੀ ਵਲੋਂ ਕੀਤਾ ਗਿਆ ਭਾਸ਼ਣ – ‘ਵਿਚਾਰਾਂ ਦੀ ਆਜ਼ਾਦੀ’ ਹੈ। ਬੱਸ ਇਹ ਹੀ ਹਿੰਦੂਤਵੀ ਰਾਜ ਦੀ ਪ੍ਰੀਭਾਸ਼ਾ ਹੈ।
ਜ਼ਾਹਰ ਹੈ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਨੂੰ ਚਾਰ ਹਿੱਸਿਆਂ ਵਿੱਚ ਤੋੜਨ (ਬਲੋਚਿਸਤਾਨ, ਸਿੰਧ, ਪੰਜਾਬ ਤੇ ਖੈਬਰ-ਪਖਤੂਨਵਾ) ਦੇ ਏਜੰਡੇ ‘ਤੇ ਕੰਮ ਕਰਦਿਆਂ ਆਜ਼ਾਦ ਕਸ਼ਮੀਰ, ਗਿਲਗਿਤ ਅਤੇ ਬਾਲਿਸਤਾਨ (ਜਿੱਥੋਂ ਦੀ ਚੀਨ ਵਲੋਂ ਆਰਥਿਕ ਕੋਰੀਡੋਰ ਬਣਾਇਆ ਜਾ ਰਿਹਾ ਹੈ) ਵਿੱਚ ਵੀ ਗੜਬੜ ਕਰਵਾਉਣੀ ਸ਼ੁਰੂ ਕੀਤੀ ਹੋਈ ਹੈ। ਜਨਰਲ ਬਖਸ਼ੀ, ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦੀ ਗੱਲ ਇਵੇਂ ਕਰ ਰਿਹਾ ਹੈ ਜਿਵੇਂ ਕਿ ਉਹ ‘ਕਬੱਡੀ ਮੈਚ’ ਦੀ ਗੱਲ ਕਰ ਰਿਹਾ ਹੋਵੇ। ਅੰਤਰਰਾਸ਼ਟਰੀ ਥਿੰਕ ਟੈਂਕਾਂ ਅਨੁਸਾਰ ਪਾਕਿਸਤਾਨ ਕੋਲ ਨਿਊਕਲੀਅਰ ਵਾਰਹੈਡਜ਼ ਅਤੇ ਨਿਊਕਲੀਅਰ ਮਿਜ਼ਾਇਲਾਂ ਦੀ ਗਿਣਤੀ ਭਾਰਤ ਨਾਲੋਂ ਵੀ ਜ਼ਿਆਦਾ ਹੈ। ਭਾਰਤੀ ਫੌਜ ਦੀ ਕਿਸੇ ਵੀ ਹਰਕਤ ਦਾ ਮਤਲਬ ਹੋਵੇਗਾ, ਉਸ ਖਿੱਤੇ ਦਾ ਹੀਰੋਸ਼ੀਮਾ-ਨਾਗਾਸਾਕੀ ਬਣਨਾ। ਭੂਤਰੇ ਹੋਏ ਹਿੰਦੂਤਵੀਆਂ ਲਈ ਨਿਊਕਲੀਅਰ ਮਿਜ਼ਾਇਲਾਂ ਸ਼ਾਇਦ ਦੀਵਾਲੀ ਦੀਆਂ ਫੁੱਲਝੜੀਆਂ ਹੋਣ ਪਰ ਹਕੀਕਤ ਵਿੱਚ ਨਿਊਕਲੀਅਰ ਜੰਗ ਦਾ ਮਤਲਬ ਹੋਵੇਗਾ, ਉਸ ਖਿੱਤੇ ਦੀ ਮੁਕੰਮਲ ਤਬਾਹੀ। ਕੀ ਹਿੰਦੂਤਵੀ ਤਾਕਤਾਂ ਸ਼ਿਵ ਜੀ ਦਾ ‘ਤੀਸਰਾ ਨੇਤਰ’ ਖੋਲਣ ਦੀ ਨਿਆਂ ਸੰਗਤਤਾ, ਪ੍ਰਲਯ ਦੇ ਰੂਪ ਵਿੱਚ ਤਾਂ ਨਹੀਂ ਕਰਨਾ ਚਾਹੁੰਦੇ? ਕੀ ਹਿੰਦੂਤਵੀ ਹੁਣ ਸ਼ਿਵ ਜੀ ਦਾ ਪ੍ਰਲਯ ਤਾਂਡਵ ਨਾਚ ਚਾਹੁੰਦੇ ਹਨ?